ਆਲੀਆ ਭੱਟ ਤੇ ਕ੍ਰਿਤੀ ਸੈਨਨ ਨੂੰ ਰਾਸ਼ਟਰਪਤੀ ਨੇ ਸਨਮਾਨਿਆ।

Share on Social Media

ਨਵੀਂ ਦਿੱਲੀ: ਇੱਥੋਂ ਦੇ ਵਿਗਿਆਨ ਭਵਨ ਵਿੱਚ 69ਵਾਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੌਲੀਵੁਡ ਅਦਾਕਾਰਾ ਆਲੀਆ ਭੱਟ ਨੂੰ ਫਿਲਮ ‘ਗੰਗੂਬਾਈ ਕਾਠੀਆਵਾੜੀ’ ਤੇ ਕ੍ਰਿਤੀ ਸੈਨਨ ਨੂੰ ਫਿਲਮ ‘ਮਿਮੀ’ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦੇ ਸਾਂਝੇ ਪੁਰਸਕਾਰ ਨਾਲ ਸਨਮਾਨਿਆ ਗਿਆ। ਪੁਰਸਕਾਰ ਦੇਣ ਦੀ ਰਸਮ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਨਿਭਾਈ।

ਇਸ ਮੌਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। ਆਲੀਆ ਭੱਟ ਆਪਣੇ ਪਤੀ ਰਣਬੀਰ ਕਪੂਰ ਨਾਲ ਸਮਾਗਮ ਵਿੱਚ ਪੁੱਜੀ। ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਫਿਲਮ ‘ਗੰਗੂਬਾਈ ਕਾਠੀਆਵਾੜੀ’ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ ਜਿਸ ਨੂੰ ਜਬਰੀ ਦੇਹ ਵਪਾਰ ਦੇ ਧੰਦੇ ਵਿੱਚ ਧੱਕਿਆ ਜਾਂਦਾ ਹੈ। ਇਸ ਤੋਂ ਬਾਅਦ ਉਹ ਅੰਡਰਵਰਲਡ ਅਤੇ ਕਾਮਾਥੀਪੁਆ ਰੈੱਡ-ਲਾਈਟ ਇਲਾਕੇ ਵਿੱਚ ਇੱਕ ਪ੍ਰਮੁੱਖ ਅਤੇ ਮਸ਼ਹੂਰ ਹਸਤੀ ਬਣ ਜਾਂਦੀ ਹੈ। ਦੱਸਣਾ ਬਣਦਾ ਹੈ ਕਿ ਇਸ ਫਿਲਮ ਵਿੱਚ ਆਲੀਆ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਸ ਨੂੰ ਆਈਫਾ 2023 ਅਤੇ ਫਿਲਮਫੇਅਰ ਐਵਾਰਡ 2023 ਦਿੱਤਾ ਗਿਆ ਸੀ। ਦੂਜੇ ਪਾਸੇ ਸਰਵੋਤਮ ਅਦਾਕਾਰਾ ਦਾ ਖ਼ਿਤਾਬ ਹਾਸਲ ਕਰਨ ਵਾਲੀ ਕ੍ਰਿਤੀ ਸੈਨਨ ਵੀ ਇਸ ਮੌਕੇ ਹਲਕੇ ਰੰਗ ਦੀ ਸਾੜੀ ਪਾ ਕੇ ਪੁੱਜੀ। ਇਸ ਮੌਕੇ ਉਸ ਦੇ ਮਾਪੇ ਵੀ ਮੌਜੂਦ ਸਨ। ਕ੍ਰਿਤੀ ਸੈਨਨ ਨੇ ਫਿਲਮ ‘ਮਿਮੀ’ ਵਿਚ ਬਿਹਤਰੀਨ ਅਦਾਕਾਰੀ ਕੀਤੀ।