ਅੰਮ੍ਰਿਤਸਰ ਤੋਂ ਕੁਆਲਾਲੰਪੁਰ ਲਈ ਮੁੜ ਉਡਾਣ ਹੋਵੇਗੀ ਸ਼ੁਰੂ, ਕੋਰੋਨਾ ਕਰਕੇ 2020 ‘ਚ ਕੀਤੀ ਗਈ ਸੀ ਬੰਦ

Share on Social Media

ਅੰਮ੍ਰਿਤਸਰ ਹਵਾਈ ਅੱਡਾ ਇੱਕ ਵਾਰ ਫਿਰ ਮਲੇਸ਼ੀਆ ਨਾਲ ਜੁੜਨ ਜਾ ਰਿਹਾ ਹੈ। ਏਅਰ ਏਸ਼ੀਆ ਐਕਸ ਨੇ ਕੋਵਿਡ ਕਾਰਨ ਮਾਰਚ 2020 ਵਿੱਚ ਬੰਦ ਕੀਤੇ ਅੰਮ੍ਰਿਤਸਰ-ਕੁਆਲਾਲੰਪੁਰ ਮਾਰਗ ਨੂੰ ਮੁੜ ਚਾਲੂ ਕਰਨ ਦਾ ਫੈਸਲਾ ਕੀਤਾ ਹੈ। ਇਹ ਉਡਾਣ ਸਤੰਬਰ 2023 ਤੋਂ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹ ਉਡਾਣ ਹਫ਼ਤੇ ਵਿੱਚ ਚਾਰ ਦਿਨ ਦੋਵਾਂ ਸ਼ਹਿਰਾਂ ਵਿਚਾਲੇ ਉਡਾਣ ਭਰੇਗੀ।

ਮਿਲੀ ਜਾਣਕਾਰੀ ਮੁਤਾਬਕ ਏਅਰ ਏਸ਼ੀਆ ਐਕਸ ਦਾ ਏਅਰਬੱਸ ਏ-330 ਜਹਾਜ਼ ਐਤਵਾਰ ਅਤੇ ਸੋਮਵਾਰ ਨੂੰ ਕੁਆਲਾਲੰਪੁਰ ਤੋਂ ਉਡਾਣ ਭਰੇਗਾ। ਇਹ ਉਡਾਣ ਕੁਆਲਾਲੰਪੁਰ ਤੋਂ ਸਵੇਰੇ 7.35 ਵਜੇ ਉਡਾਣ ਭਰੇਗੀ, ਜਦੋਂ ਕਿ ਇਹ ਸਵੇਰੇ 11.00 ਵਜੇ ਅੰਮ੍ਰਿਤਸਰ ਪਹੁੰਚੇਗੀ। ਜਦੋਂਕਿ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇਹ ਜਹਾਜ਼ ਕੁਆਲਾਲੰਪੁਰ ਤੋਂ ਰਾਤ 8.25 ਵਜੇ ਉਡਾਣ ਭਰੇਗਾ ਅਤੇ ਰਾਤ 11.50 ਵਜੇ ਅੰਮ੍ਰਿਤਸਰ ਲੈਂਡ ਕਰੇਗਾ।

ਇਸੇ ਤਰ੍ਹਾਂ ਇਹ ਉਡਾਣ ਐਤਵਾਰ ਅਤੇ ਸੋਮਵਾਰ ਨੂੰ ਦੁਪਹਿਰ 12.30 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਰਾਤ 8.55 ਵਜੇ ਕੁਆਲਾਲੰਪੁਰ ਪਹੁੰਚੇਗੀ। ਇਸੇ ਤਰ੍ਹਾਂ ਬੁੱਧਵਾਰ-ਸ਼ੁੱਕਰਵਾਰ ਨੂੰ ਇਹ ਜਹਾਜ਼ ਅੰਮ੍ਰਿਤਸਰ ਤੋਂ ਸਵੇਰੇ 1 ਵਜੇ ਉਡਾਣ ਭਰੇਗਾ ਅਤੇ ਸਵੇਰੇ 9.25 ਵਜੇ ਮਲੇਸ਼ੀਆ ਪਹੁੰਚੇਗਾ।

ਏਅਰ ਏਸ਼ੀਆ ਐਕਸ ਦੇ ਮੁਤਾਬਕ ਏਅਰਬੱਸ ਏ-330 ਜਹਾਜ਼ ਦੀ ਵਰਤੋਂ ਕੀਤੀ ਜਾਵੇਗੀ। ਇਹ 377 ਸੀਟਾਂ ਨਾਲ ਲੈਸ ਜਹਾਜ਼ ਹੋਵੇਗਾ, ਜਿਸ ਵਿੱਚ ਬਿਜ਼ਨੈੱਸ ਕਲਾਸ ਦੀਆਂ 12 ਸੀਟਾਂ ਵੀ ਹੋਣਗੀਆਂ। ਇਸ ਤੋਂ ਇਲਾਵਾ ਇਸ ਜਹਾਜ਼ ਦੇ ਆਉਣ ਨਾਲ ਪੰਜਾਬੀਆਂ ਨੂੰ ਕਾਫੀ ਫਾਇਦਾ ਹੋਵੇਗਾ। ਆਸਟ੍ਰੇਲੀਆ ਜਾਣ ਵਾਲੇ ਪੰਜਾਬੀ ਇਸ ਫਲਾਈਟ ਦੀ ਵਰਤੋਂ ਕਰਕੇ ਕਨੈਕਟਡ ਫਲਾਈਟ ਲੈ ਸਕਦੇ ਹਨ।